ਹੈਪੇਟਾਈਟਸ ਬੀ ਵੈਕਸੀਨ ਕੀ ਹੈ? ਹੈਪੇਟਾਈਟਸ ਬੀ ਵੈਕਸੀਨ ਹੈਪੇਟਾਈਟਸ ਬੀ ਵਾਇਰਸ ਦੇ ਵਿਰੁੱਧ ਰੱਖਿਆ ਕਰਦੀ ਹੈ। ਇਹ ਵੈਕਸੀਨ ਹੈਲਥ ਦੁਆਰਾ ਮਾਨਤਾ ਪ੍ਰਾਪਤ ਹੈ। ਵੈਕਸੀਨ ਕਿਸ ਨੂੰ ਦਿੱਤੀ ਜਾਣੀ ਚਾਹੀਦੀ ਹੈ? ਹੈਪੇਟਾਈਟਸ ਬੀ ਵੈਕਸੀਨ ਤੁਹਾਡੇ ਬੱਚੇ ਦੇ ਬੀਮਾਰੀਆਂ ਤੋਂ ਬਚਾਉਣ ਲਈ ਨੇਮਕ ਟੀਕਾਕਰਣ ਦੇ ਹਿੱਸੇ ਵਜੋਂ ਮੁਫਤ ਦਿੱਤੀ ਜਾਂਦੀ ਹੈ। ਇਹ ਵੈਕਸੀਨ ੧੯੮੦ ਜਾਂ ਉਸ ਤੋਂ ਬਾਦ ਪੈਦਾ ਹੋਏ ਅਜਿਹੇ ਲੋਕਾਂ ਨੂੰ ਮੁਫਤ ਦਿੱਤੀ ਜਾਂਦੀ ਹੈ ਜਿੰਨਾਂ ਨੂੰ ਕਦੇ ਵੀ ਵੈਕਸੀਨ ਨਹੀਂ ਦਿੱਤੀ ਗਈ ਹੈ ਜਾਂ ਉਨ੍ਹਾਂ ਦੀ ਉਮਰ ਲਈ ਸਿਫਾਰਸ਼ ਕੀਤੀਆਂ ਗਈਆਂ ਖੁਰਾਕਾਂ ਦੀ ਸੰਖਿਆ ਨਹੀਂ ਮਿਲੀ ਹੈ। ਇਹ ਵੈਕਸੀਨ ਹੈਪੇਟਾਈਟਸ ਬੀ ਵਿਗਾੜ ਹੋਣ ਦੇ ਜਿਆਦਾ ਖਤਰੇ ਵਾਲੇ ਬੱਚਿਆਂ ਅਤੇ ਬਾਲਗਾਂ,ਨੂੰ ਮੁਫਤ ਦਿੱਤੀ ਜਾਂਦੀ ਹੈ ਜਿਸ ਵਿੱਚ ਸ਼ਾਮਲ ਹਨ: - ੧੨ ਸਾਲ ਤੋਂ ਘੱਟ ਉਮਰ ਦੇ ਬੱਚੇ ਜਿੰਨਾਂ ਦੇ ਪਰਿਵਾਰ ਉਨ੍ਹਾਂ ਖੇਤਰਾਂ ਤੋਂ ਇਥੇ ਆਏ ਹਨ ਜਿਥੇ ਹੈਪੇਟਾਈਟਸ ਬੀ ਦੀਆਂ ਉੱਚੀਆਂ ਦਰਾਂ ਹਨ। - ਅੰਤਰਰਾਸ਼ਟਰੀ ਰੂਪ ਨਾਲ ਗੋਦ ਲਏ ਗਏ ਬੱਚਿਆਂ ਦੇ ਘਰੇਲੂ ਸੰਪਰਕ। - ਹੈਪੇਟਾਈਟਸ ਬੀ ਵਾਲੇ ਕਿਸੇ ਵਿਅਕਤੀ ਦੇ ਘਰੇਲੂ ਅਤੇ ਲਿੰਗੀ ਸੰਪਰਕ। - ਅਜਿਹੇ ਪੁਰਸ਼ ਜਿੰਨਾਂ ਦਾ ਦੂਸਰੇ ਪੁਰਸ਼ਾਂ ਦੇ ਨਾਲ ਜਿਨਸੀ ਸੰਪਰਕ ਹੁੰਦਾ ਹੈ। - ਉਹ ਲੋਕ ਜਿੰਨਾਂ ਦੇ ਬਹੁਤ ਸਾਰੇ ਲਿੰਗੀ ਸਾਥੀ ਹੁੰਦੇ ਹਨ ਜਾਂ ਜਿੰਨਾਂ ਨੂੰ ਹਾਲ ਹੀ ਵਿੱਚ ਲਿੰਗੀ ਸੰਪਰਕ ਨਾਲ ਫੈਲਣ ਵਾਲਾ ਵਿਗਾੜ ਹੋਇਆ ਹੈ। - ਨਾਜਾਇਜ਼ ਡਰੱਗ ਵਰਤਣ ਵਾਲੇ ਅਤੇ ਉਨ੍ਹਾਂ ਦੇ ਜਿਨਸੀ ਸਾਥੀ। - ਉਹ ਲੋਕ ਜਿੰਨਾਂ ਨੂੰ ਜਿਗਰ ਦੀ ਚਿਰਕਾਲੀ ਬੀਮਾਰੀ, ਹੈਪੇਟਾਈਟਸ ਸੀ ਹੈ, ਜਾਂ ਜਿੰਨਾਂ ਦਾ ਜਿਗਰ ਬਦਲਿਆ ਗਿਆ ਹੈ। - ਉਹ ਲੋਕ ਜਿੰਨਾਂ ਵਿੱਚ ਪਰੀਡਾਇਲੇਸਿਸ,ਹੀਮੋਡਾਇਲੇਸਿਸ ਜਾਂ ਪੈਰੀਟੋਨੀਅਲ ਡਾਇਲੇਸਿਸ ਦੇ ਮਰੀਜ਼ਾਂ ਸਮੇਤ ਗੁਰਦੇ ਦੀ ਚਿਰਕਾਲੀ ਬੀਮਾਰੀ ਵਾਲੇ ਲੋਕ ਸ਼ਾਮਲ ਹਨ। - ਉਹ ਲੋਕ ਜਿੰਨਾਂ ਦੇ ਗੁਰਦੇ ਜਾਂ ਸਟੈਮ ਸੈਲ ਬਦਲੇ ਗਏ ਹਨ। - ਉਹ ਲੋਕ ਜਿੰਨਾਂ ਨੂੰ ਹੀਮੋਫੀਲੀਆ ਹੈ ਜਾਂ ਜਿੰਨਾਂ ਨੰ ੂ ਵਾਰ ਵਾਰ ਖੂਨ ਜਾਂ ਖੂਨ ਦੇ ਬਣੇ ਪਦਾਰਥ ਦਿੱਤੇ ਗਏ ਹਨ। - ਉਹ ਲੋਕ ਜੋ ਐਚ ਆਈ ਵੀ ਪੌਜ਼ੀਟਿਵ ਹਨ। - ਸੁਧਾਰਕ ਸਹੂਲਤ (ਜੇਲ) ਦੇ ਨਿਵਾਸੀ। - ਬੱਚਿਆਂ ਦੀ ਦੇਖਭਾਲ ਵਾਲੀ ਕਿਸੇ ਅਜਿਹੀ ਥਾਂ ਵਿਚਲੇ ਅਧਿਆਪਕ,ਸਟਾਫ ਅਤੇ ਵਿਦਿਆਰਥੀ ਜਿਥੇ ਹੈਪੇਟਾਈਟਸ ਬੀ ਵਾਲਾ ਕੋਈੇ ਬੱਚੇ ਜਾਂਦਾ ਹੈ ਜਿਸਦਾ ਵਿਵਹਾਰ ਜਾਂ ਮੈਡੀਕਲ ਅਵਸਥਾ ਉਸ ਬੱਚੇ ਦੇ ਖੂਨ ਜਾਂ ਸਰੀਰਕ ਦ੍ਰਵਾਂ ਦੇ ਨਾਲ ਸੰਪਰਕ ਵਿੱਚ ਆਉਣ ਦੇ ਸੰਜੋਗਾਂ ਨੂੰ ਵਧਾ ਦਿੰਦਾ ਹੈ। - ਵਿਕਾਸ ਸੰਬੰਧੀ ਚੁਨੌਤੀਆਂ ਵਾਲੇ ਲੋਕਾਂ ਲਈ ਸਮਾਜਕ ਗਰੁਪ ਹੋਮ ਵਿਚਲਾ ਸਟਾਫ ਜਾਂ ਨਿਵਾਸੀ। - ਸਿਹਤ ਦੀ ਦੇਖਭਾਲ ਕਰਨ ਲਈ ਸਿਖਲਾਈ ਪ੍ਰਾਪਤ ਕਰਨ ਵਾਲੇ ਵਿਦਿਆਰਥੀ, ਸਿਹਤ ਦੀ ਦੇਖਭਾਲ ਕਰਨ ਵਾਲੇ ਕਰਮਚਾਰੀ, ਫਾਰਮੇਸਿਸਟ ਅਤੇ ਦੂਸਰੇ ਲੋਕ ਜਿੰਨਾਂ ਦੀ ਉਨ੍ਹਾਂ ਦੀਆਂ ਨੌਕਰੀਆਂ ਵਿੱਚ ਖੂਨ ਅਤੇ ਸਰੀਰਕ ਦ੍ਰਵਾਂ ਦੇ ਨਾਲ ਸੰਪਰਕ ਵਿੱਚ ਆਉਣ ਦੀ ਸੰਭਾਵਨਾ ਹੈ। ਮੁਫਤ ਹੈਪੇਟਾਈਟਸ ਬੀ ਵੈਕਸੀਨ ਲਈ ਯੋਗ ਨਾ ਹੋਣ ਵਾਲਾ ਕੋਈ ਵੀ ਵਿਅਕਤੀ ਇਸ ਨੂੰ ਬਹੁਤਿਆਂ ਫਾਰਮੇਸੀਆਂ ਜਾਂ ਟਰੈਵਲ ਕਲੀਨਿਕਾਂ ਤੇ ਖਰੀਦ ਸਕਦਾ ਹੈ। ਬੀਮਾਰੀਆਂ ਤੋਂ ਬਚਾਉਣ ਲਈ ਲਗਾਏ ਗਏ ਸਾਰੇ ਟੀਕਿਆਂ ਦਾ ਰਿਕਾਰਡ ਰੱਖਣਾ ਮਹੱਤਵਪੂਰਨ ਹੈ। ਵੈਕਸੀਨ ਦੇ ਕੀ ਲਾਭ ਹਨ? ਹੈਪੇਟਾਈਟਸ ਬੀ ਵੈਕਸੀਨ ਬਹੁਤ ਹੀ ਪ੍ਰਭਾਵਸ਼ਾਲੀ ਹੈ। ਇਹ ਹੈਪੇਟਾਈਟਸ ਬੀ ਦੇ ਵਿਗਾੜ ਅਤੇ ਉਸ ਦੀਆਂ ਜਟਿਲਤਾਵਾਂ ਜਿਵੇਂ ਕਿ ਜਿਗਰ ਨੂੰ ਸਥਾਈ ਨੁਕਸਾਨ, ਜੋ ਕਿ ਜਿਗਰ ਦੇ ਕੈਂਸਰ ਅਤੇ ਮੌਤ ਦਾ ਕਾਰਨ ਬਣ ਸਕਦਾ ਹੈ, ਦੇ ਵਿਰੁੱਧ ਰੱਖਿਆ ਕਰਦੀ ਹੈ। ਜਦੋਂ ਤੁਸੀ ਬੀਮਾਰੀਆਂ ਤੋਂ ਬਚਾਉਣ ਲਈ ਟੀਕੇ ਲਗਵਾਉਂਦੇ ਹੋ, ਤਾਂ ਤੁਸੀਂ ਦੂਜਿਆਂ ਦੀ ਰੱਖਿਆ ਕਰਨ ਵਿੱਚ ਵੀ ਮਦਦ ਕਰਦੇ ਹੋ। ਵੈਕਸੀਨ ਦੇ ਬਾਦ ਦੀਆਂ ਸੰਭਾਵੀ ਪ੍ਰਤੀਕ੍ਰਿਆਵਾਂ ਕੀ ਹਨ? ਵੈਕਸੀਨਾਂ ਬਹੁਤ ਸੁਰੱਖਿਅਤ ਹੁੰਦੀਆਂ ਹਨ। ਵੈਕਸੀਨ ਲਗਵਾਉਣਾ ਹੈਪੇਟਾਈਟਸ ਬੀ ਦਾ ਸ਼ਿਕਾਰ ਹੋਣ ਤੋਂ ਜਿਆਦਾ ਸੁਰੱਖਿਅਤ ਹੈ। ਵੈਕਸੀਨ ਦੀਆਂ ਆਮ ਪ੍ਰਤੀਕ੍ਰਿਆਵਾਂ ਵਿੱਚ ਵੈਕਸੀਨ ਦਿੱਤੇ ਜਾਣ ਵਾਲੀ ਥਾਂ ਤੇ ਜਲਨ, ਲਾਲੀ, ਅਤੇ ਸੋਜ ਸ਼ਾਮਲ ਹੋ ਸਕਦੇ ਹਨ। ਕੁਝ ਹਲਕੇ ਬੁਖਾਰ ਦਾ ਅਨੁਭਵ ਵੀ ਕਰ ਸਕਦੇ ਹਨ। ਕੋਈ ਵੀ ਵੈਕਸੀਨ ਲਗਵਾਉਣ ਤੋਂ ਬਾਦ ੧੫ ਮਿੰਟ ਤੱਕ ਕਲੀਨਿਕ ਵਿੱਚ ਰਹਿਣਾ ਜਰੂਰੀ ਹੈ ਕਿਉਂਕਿ ਐਨਾਫਲਾਕਸਿਸ ਨਾਮ ਦੀ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਅਲਰਜਿਕ ਪ੍ਰਤੀਕ੍ਰਿਆ ਦੀ ਅਤਿ ਵਿਰਲੀ ਸੰਭਾਵਨਾ ਹੋ ਸਕਦੀ ਹੈ। ਇਸ ਵਿੱਚ ਛਪਾਕੀ, ਸਾਹ ਲੈਣ ਵਿੱਚ ਤਕਲੀਫ, ਜਾਂ ਗਲੇ, ਜੀਭ ਜਾਂ ਬੁਲਾਂ ਦੀ ਸੋਜ ਸ਼ਾਮਲ ਹੋ ਸਕਦੇ ਹਨ। ਜੇ ਅਜਿਹਾ ਤੁਹਾਡੇ ਕਲੀਨਿਕ ਤੋਂ ਜਾਣ ਤੋਂ ਬਾਦ ਹੁੰਦਾ ਹੈ, ਤਾਂ ੯-੧-੧ ਜਾਂ ਸਥਾਨਕ ਐਮਰਜੈਂਸੀ ਨੰਬਰ ਉੱਤੇ ਫੋਨ ਕਰੋ।ਇਸ ਪ੍ਰਤੀਕ੍ਰਿਆ ਦਾ ਇਲਾਜ ਹੋ ਸਕਦਾ ਹੈ ਅਤੇ ਇਹ ਵੈਕਸੀਨ ਲਗਵਾਉਣ ਵਾਲੇ ਲੋਕਾਂ ਵਿੱਚੋਂ ਇੱਕ ਮਿਲਿਅਨ ਵਿੱਚੋਂ ੧ ਤੋਂ ਵੀ ਘੱਟ ਵਿੱਚ ਹੁੰਦਾ ਹੈ। ਸਾਰੀਆਂ ਗੰਭੀਰ ਜਾਂ ਅਣਿਆਈ ਪ੍ਰਤੀਕ੍ਰਿਆਵਾਂ ਬਾਰੇ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨੂੰ ਹਮੇਸ਼ਾ ਦਸਣਾ ਮਹੱਤਵਪੂਰਨ ਹੈ। ਵੈਕਸੀਨ ਕਿਸ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ? ਜੇ ਤੁਹਾਨੂੰ ਪਹਿਲਾਂ ਲਈ ਗਈ ਹੈਪੇਟਾਈਟਸ ਬੀ ਵੈਕਸੀਨ ਦੀ ਖੁਰਾਕ, ਜਾਂ ਵੈਕਸੀਨ ਦੇ ਕਿਸੇ ਵੀ ਅੰਸ਼ ਜਿਵੇਂ ਕਿ ਯੀਸਟ ਜਾਂ ਲੇਟੈਕਸ ਪ੍ਰਤੀ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਅਲਰਜਿਕ ਪ੍ਰਤੀਕ੍ਰਿਆ ਹੋਈ ਹੈ ਤਾਂ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਗੱਲ ਕਰੋ। ਜ਼ੁਕਾਮ ਜਾਂ ਕਿਸੇ ਹੋਰ ਹਲਕੀ ਬੀਮਾਰੀ ਕਰਕੇ ਬੀਮਾਰੀਆਂ ਤੋਂ ਬਚਾਉਣ ਵਾਲੇ ਟੀਕੇ ਲਗਵਾਉਣ ਨੂੰ ਟਾਲਣ ਦੀ ਲੋੜ ਨਹੀਂ ਹੈ। ਪਰ, ਜੇ ਤੁਹਾਡੀਆਂ ਕੁਝ ਚਿੰਤਾਵਾਂ ਹਨ ਤਾਂ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਗੱਲ ਕਰੋ। ਹੈਪੇਟਾਈਟਸ ਬੀ ਵਿਗਾੜ ਕੀ ਹੈ? ਹੈਪੇਟਾਈਟਸ ਬੀ ਇਕ ਅਜਿਹਾ ਵਾਇਰਸ ਹੈ ਜੋ ਜਿਗਰ ਤੇ ਹਮਲਾ ਕਰਦਾ ਹੈ। ਇਹ ਜਿਗਰ ਨੂੰ ਸਥਾਈ ਨੁਕਸਾਨ (ਸਿਰੋਸਿਸ) ਸਮੇਤ ਗੰਭੀਰ ਬੀਮਾਰੀ ਦਾ ਕਾਰਨ ਬਣ ਸਕਦਾ ਹੈ। ਹੈਪੇਟਾਈਟਸ ਬੀ ਜਿਗਰ ਦੇ ਕੈਂਸਰ, ਜੋ ਕਿ ਜਾਨਲੇਵਾ ਹੋ ਸਕਦਾ ਹੈ, ਦਾ ਮੁੱਖ ਕਾਰਨ ਹੈ। ਹੈਪੇਟਾਈਟਸ ਬੀ ਵਾਇਰਸ ਖੂਨ ਜਾਂ ਸਰੀਰਕ ਦ੍ਰਵਾਂ ਦੇ ਨਾਲ ਸੰਪਰਕ ਵਿੱਚ ਆਉਣ ਕਰਕੇ ਇਸ ਨਾਲ ਗ੍ਰਸਤ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦਾ ਹੈ। ਇਸ ਵਿੱਚ ਅਚਾਨਕ ਜਾਂ ਜਾਣ ਬੁੱਝ ਕੇ ਵਰਤੀ ਹੋਈ ਸੂਈ ਚੁਭਾਏ ਜਾਣਾ, ਨਿਕਟੀ ਜਿਨਸੀ ਸੰਪਰਕ, ਵਿਗਾੜ ਗ੍ਰਸਤ ਖੂਨ ਦੇ ਨਾਲ ਮ ੂੰਹ, ਨੱਕ ਜਾਂ ਅੱਖਾਂ ਵਿੱਚ ਛਿੜਕੇ ਜਾਣਾ, ਵਿਗਾੜ ਗ੍ਰਸਤ ਵਿਅਕਤੀ ਦੁਆਰਾ ਵੱਢੇ ਜਾਣਾ ਜਾਂ ਖੂਨ ਨਾਲ ਦੂਸ਼ਿਤ ਸਮਾਨ ਜਿਵੇਂ ਕਿ ਦੰਦਾਂ ਦਾ ਬਰੱਸ਼, ਡੇਂਟਲ ਫਲੋਸ ਜਾਂ ਰੇਜ਼ਰ ਸਾਂਝੇ ਕਰਨਾ ਸ਼ਾਮਲ ਹਨ। ਉਹ ਮਾਵਾਂ ਜੋ ਹੈਪੇਟਾਈਟਸ ਬੀ ਵਾਇਰਸ ਦੇ ਨਾਲ ਗ੍ਰਸਤ ਹਨ ਜਨਮ ਦੇਣ ਦੇ ਦੌਰਾਨ ਇਹ ਵਾਇਰਸ ਆਪਣੇ ਨਵੇਂ ਜਨਮੇ ਬੱਚਿਆਂ ਨੂੰ ਦੇ ਸਕਦੀਆਂ ਹਨ। ਵਾਇਰਸ ਦੇ ਤੁਹਾਡੇ ਸਰੀਰ ਵਿੱਚ ਦਾਖਲ ਹੋਣ ਤੋਂ ਬਾਦ, ਬੀਮਾਰੀ ਦੇ ਲੱਛਣ ਜਾਂ ਚਿੰਨ੍ਹ ਵਿਕਸਤ ਹੋਣ ਵਿੱਚ ਆਮਤੌਰ ਤੇ ੨ ਤੋਂ ੩ ਮਹੀਨੇ ਲਗਦੇ ਹਨ। ਹੈਪੇਟਾਈਟਸ ਬੀ ਨਾਲ ਗ੍ਰਸਤ ਹੋਣ ਵਾਲੇ ਬਹੁਤ ਸਾਰੇ ਲੋਕ ਕੋਈ ਵੀ ਲੱਛਣ ਨਹੀਂ ਦਰਸਾਉਂਦੇ ਅਤੇ ਸੰਭਵ ਹੈ ਉਨ੍ਹਾਂ ਨੂੰ ਪਤਾ ਹੀ ਨਾ ਹੋਏ ਕਿ ਉਨ੍ਹਾਂ ਨੂੰ ਇਹ ਬੀਮਾਰੀ ਹੈ। ਚਾਹੇ ਬੀਮਾਰੀ ਦੇ ਚਿੰਨ੍ਹ ਹੋਣ ਜਾਂ ਨਹੀਂ, ਤੁਸੀਂ ਦੂਸਰਿਆਂ ਤੱਕ ਇਹ ਵਾਇਰਸ ਫੈਲਾ ਸਕਦੇ ਹੋ। ਸਿਆਣੇ ਨਾਬਾਲਗ਼ਾਂ ਦੀ ਸਹਿਮਤੀ ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਮਾਪੇ ਜਾਂ ਸਰਪ੍ਰਸਤ ਅਤੇ ਉਨ੍ਹਾਂ ਦੇ ਨਾਬਾਲਗ਼ ਬੱਚੇ ਇਮਿਊਨਾਈਜ਼ੇਸ਼ਨ ਦੀ ਸਹਿਮਤੀ ਬਾਰੇ ਪਹਿਲਾਂ ਗੱਲਬਾਤ ਕਰ ਲੈਣ। ਇਮਿਊਨਾਈਜ਼ੇਸ਼ਨ ਤੋਂ ਪਹਿਲਾਂ ਬੱਚਿਆਂ ਦੇ ਮਾਪਿਆਂ/ਸਰਪ੍ਰਸਤਾਂ ਜਾਂ ਨੁਮਾਇੰਦਿਆਂ ਦੀ ਸਹਿਮਤੀ ਲੈਣ ਲਈ ਯਤਨ ਕੀਤੇ ਜਾਂਦੇ ਹਨ। ਪਰ ਫਿਰ ਵੀ ੧੯ ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਹਰ ਵੈਕਸੀਨ ਦੇ ਫ਼ਾਇਦਿਆਂ ਅਤੇ ਸੰਭਵ ਖ਼ਤਰਿਆਂ ਨੂੰ ਸਮਝਣ ਦੇ ਯੋਗ ਹੋਣ ਅਤੇ ਇਮਿਊਨਾਈਜ਼ੇਸ਼ਨ ਨਾ ਕਰਵਾਉਣ ਦੇ ਖ਼ਤਰੇ ਨੂੰ ਸਮਝਦੇ ਹੋਣ ਉਹ ਕਾਨੂੰਨੀ ਤੌਰ ਤੇ ਇਮਿਊਨਾਈਜ਼ੇਸ਼ਨ ਲਈ ਸਹਿਮਤ ਹੋ ਸਕਦੇ ਜਾਂ ਇਨਕਾਰ ਕਰ ਸਕਦੇ ਹਨ। ਸਰੋਤ : ਸਿਹਤ ਵਿਭਾਗ