ਆਮ ਸਾਧਾਰਨ ਸਰੀਰ ਦਾ ਤਾਪਮਾਨ ੩੭°C (੯੮.੬°F) ਹੁੰਦਾ ਹੈ, ਭਾਵੇਂ ਦਿਨ ਭਰ ਵਿੱਚ ਇਸ ਵਿੱਚ ਥੋੜ੍ਹਾ ਕੁ ਘਾਟਾ ਵਾਧਾ ਹੋ ਸਕਦਾ ਹੈ। ਜੇ ਤੁਹਾਡੇ ਬੱਚੇ ਦਾ ਤਾਪਮਾਨ ਸਾਧਾਰਨ ਨਾਲੋਂ ਵੱਧ ਹੋਵੇ ਤਾਂ ਸਮਝੋ ਬੱਚੇ ਨੂੰ ਬੁਖ਼ਾਰ ਹੈ। ਆਮ ਤੌਰ ਤੇ, ਬੁਖ਼ਾਰ ਇੱਕ ਤਰ੍ਹਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਸਰੀਰ ਕਿਸੇ ਲਾਗ ਵਿਰੁੱਧ ਲੜ ਰਿਹਾ ਹੈ। ਜਦੋਂ ਸਰੀਰ ਦਾ ਬਿਮਾਰੀ ਤੋਂ ਬਚਾਅ ਕਰਨ ਵਾਲਾ (ਇਮਿਊਨ) ਸਿਸਟਮ ਜਰਮ ਕਾਰਨ ਕਿਰਿਆਸ਼ੀਲ ਹੋ ਜਾਂਦਾ ਹੈ, ਤਾਂ ਸਰੀਰ ਅੰਦਰ ਕਈ ਪ੍ਰਤੀਕਰਮ ਪੈਦਾ ਹੁੰਦੇ ਹਨ। ਬੁਖ਼ਾਰ ਉਨ੍ਹਾਂ ਪ੍ਰਤੀਕਰਮਾਂ ਦੀ ਨਿਸ਼ਾਨੀ ਹੁੰਦੀ ਹੈ। ਬੁਖ਼ਾਰ ਆਪਣੇ ਆਪ ਵਿੱਚ ਕੋਈ ਰੋਗ ਜਾਂ ਬਿਮਾਰੀ ਨਹੀਂ ਹੁੰਦੀ। ਸਰੀਰ ਦੇ ਤਾਪਮਾਨ ਦਾ ਪਤਾ ਕਰਨਾ ਬੱਚਿਆਂ ਨੂੰ ਜਦੋਂ ਬੁਖ਼ਾਰ ਹੁੰਦਾ ਹੈ ਤਾਂ ਹੱਥ ਲਾਉਣ `ਤੇ ਉਹ ਅਕਸਰ ਗਰਮ ਮਹਿਸੂਸ ਹੁੰਦੇ ਹਨ। ਇਸ ਗੱਲ ਦੀ ਪੁਸ਼ਟੀ ਕਰਨ ਲਈ ਕਿ ਉਸ ਨੂੰ ਬੁਖ਼ਾਰ ਹੈ ਬੱਚੇ ਦੇ ਸਰੀਰ ਦਾ ਤਾਪਮਾਨ ਦਾ ਪਤਾ ਕਰਨ ਲਈ ਥਰਮਾਮੀਟਰ ਵਰਤੋ। ਮੂੰਹ ਦਾ ਤਾਪਮਾਨ ਬੇਬੀ ਦੇ ਕੇਸ ਵਿੱਚ ਤਾਪਮਾਨ ਦਾ ਪਤਾ ਕਰਨ ਲਈ ਥਰਮਾਮੀਟਰ ਗੁਦੇ (ਗੁਦੇ ਦਾ ਤਾਪਮਾਨ) ਵਿੱਚ ਲਾਇਆ ਜਾਂਦਾ ਹੈ। ਗੁਦੇ ਦਾ ਤਾਪਮਾਨ ੩੮°C (੧੦੦.੪°F) ਤੋਂ ਵੱਧ ਹੋਣ ਦਾ ਭਾਵ ਹੈ ਕਿ ਉਸ ਨੂੰ ਬੁਖ਼ਾਰ ਹੈ। ਵੱਡੀ ਉਮਰ ਦੇ ਬੱਚਿਆਂ ਦੇ ਕੇਸ ਵਿੱਚ, ਥਰਮਾਮੀਟਰ ਮੂੰਹ (ਮੂੰਹ ਦਾ ਤਾਪਮਾਨ) ਵਿੱਚ ਲਾ ਕੇ ਤਾਪਮਾਨ ਦਾ ਪਤਾ ਲਾਇਆ ਜਾ ਸਕਦਾ ਹੈ। ਮੂੰਹ ਦਾ ਤਾਪਮਾਨ ੩੭°C (੯੯.੫°F) ਤੋਂ ਵੱਧ ਹੋਣ ਦਾ ਭਾਵ ਹੈ ਕਿ ਉਸ ਨੂੰ ਬੁਖ਼ਾਰ ਹੈ। ਤਾਪਮਾਨ ਦਾ ਪਤਾ ਕਰਨ ਲਈ ਦੂਜੇ ਤਰੀਕੇ ਕਈ ਵਾਰੀ ਲਾਹੇਵੰਦ ਹੋ ਸਕਦੇ ਹਨ, ਪਰ ਇੰਜ ਕਰਨ ਨਾਲ ਪਤਾ ਠੀਕ ਠੀਕ ਨਹੀਂ ਲੱਗਦਾ। ਇਨ੍ਹਾਂ ਤਰੀਕਿਆਂ ਵਿੱਚ ਹੇਠ ਦਰਜ ਸ਼ਾਮਲ ਹਨ: ਕੱਛ ( ਕੱਛ ਦਾ ਤਾਪਮਾਨ) ਵਿੱਚ ਥਰਮਾਮੀਟਰ ਲਾਉਣਾ; ਤਾਪਮਾਨ ੩੭.੨°C (੯੯.੦°F) ਤੋਂ ਵੱਧ ਹੋਣ ਦਾ ਭਾਵ ਹੈ ਕਿ ਉਸ ਨੂੰ ਬੁਖ਼ਾਰ ਹੈ। ਕੰਨ (ਕੰਨ ਦੇ ਡਰੱਮ ਦਾ ਤਾਪਮਾਨ) ਵਿੱਚ ਥਰਮਾਮੀਟਰ ਲਾਉਣਾ; ਤਾਪਮਾਨ ੩੮°C (੧੦੦.੪°F) ਤੋਂ ਵੱਧ ਹੋਣ ਦਾ ਭਾਵ ਹੈ ਕਿ ਉਸ ਨੂੰ ਬੁਖ਼ਾਰ ਹੈ ਬੁਖ਼ਾਰ ਕਿਸ ਕਾਰਨ ਹੁੰਦਾ ਹੈ? ਵੱਖ ਵੱਖ ਤਰ੍ਹਾਂ ਦੀਆਂ ਲਾਗਾਂ ਕਾਰਨ ਬੁਖ਼ਾਰ ਹੁੰਦਾ ਹੈ। ਤੁਹਾਡੇ ਬੱਚੇ ਦੇ ਬੁਖ਼ਾਰ ਦੇ ਕਾਰਨ ਦਾ ਪਤਾ ਕਰਨ ਲਈ ਡਾਕਟਰ ਬੁਖ਼ਾਰ ਵੱਲ ਵੇਖਣ ਦੀ ਥਾਂ ਬਿਮਾਰੀ ਦੀਆਂ ਦੂਸਰੀਆਂ ਨਿਸ਼ਾਨੀਆਂ ਅਤੇ ਲੱਛਣਾਂ ਨੂੰ ਵੇਖੇਗਾ। ਬੁਖ਼ਾਰ ਕਿੰਨਾ ਕੁ ਤੇਜ਼ ਹੈ ਤੋਂ ਡਾਕਟਰ ਨੂੰ ਇਹ ਨਿਰਣਾ ਕਰਨ ਵਿੱਚ ਮਦਦ ਨਹੀਂ ਮਿਲਦੀ ਕਿ ਕੀ ਇਹ ਲਾਗ ਹਲ਼ਕੀ ਹੈ ਜਾਂ ਤੀਬਰ ਹੈ, ਜਾਂ ਇਹ ਲਾਗ ਕਿਸੇ ਜਰਾਸੀਮ ਜਾਂ ਵਾਇਰੈਸ ਤੋਂ ਲੱਗੀ ਹੈ। ਬੁਖ਼ਾਰ ਹੋਰ ਕਾਰਨਾਂ ਤੋਂ ਵੀ ਹੋ ਸਕਦਾ ਹੈ: ਕਸਰਤ, ਜਾਂ ਬਹੁਤ ਕੱਪੜੇ ਪਾਉਣ ਨਾਲ, ਗਰਮ ਪਾਣੀ ਦੇ ਟਪ ਵਿੱਚ ਬੈਠਣ ਜਾਂ ਗਰਮ ਸ਼ਾਵਰ ਲੈਣ ਪਿੱਛੋਂ ਜਾਂ ਗਰਮ ਮੌਸਮ ਕਾਰਨ ਵੀ ਸਰੀਰ ਦਾ ਤਾਪਮਾਨ ਹਲ਼ਕਾ ਜਿਹਾ ਵਧ ਸਕਦਾ ਹੈ। ਹੀਟ ਸਟਰੋਕ ਜਾਂ ਕੁਝ ਦਵਾਈਆਂ ਜਾਂ ਡਰੱਗਜ਼ ਲੈਣ ਕਾਰਨ ਘੱਟ ਹੀ ਕਦੇ ਸਰੀਰ ਦੇ ਤਾਪਮਾਨ ਵਿੱਚ ਗੰਭੀਰ ਅਤੇ ਸ਼ਾਇਦ ਖ਼ਤਰਨਾਕ ਹੱਦ ਤੀਕ ਵਾਧਾ ਹੁੰਦਾ ਹੈ। ਟੀਕੇ ਲੱਗਣ ਕਾਰਨ ਵੀ ਬੁਖ਼ਾਰ ਹੋ ਸਕਦਾ ਹੈ। ਬਿਮਾਰੀਆਂ, ਜੋ ਛੂਤ ਵਾਲੀਆਂ ਨਾ ਹੋਣ, ਅਤੇ ਕੁਝ ਕੁ ਦਾਇਮੀ ਬਿਮਾਰੀਆਂ ਕਾਰਨ ਵੀ ਮੁੜ ਮੁੜ ਹੋਣ ਵਾਲਾ ਜਾਂ ਲਗਾਤਾਰ ਰਹਿਣ ਵਾਲਾ ਬੁਖ਼ਾਰ ਹੋ ਸਕਦਾ ਹੈ। ਕਈ ਲੋਕਾਂ ਦਾ ਵਿਸ਼ਵਾਸ ਹੈ ਕਿ ਬੱਚੇ ਦੇ ਦੰਦਾਂ ਦੇ ਨਿਕਲਣ ਕਾਰਨ ਵੀ ਬੁਖ਼ਾਰ ਹੋ ਜਾਂਦਾ ਹੈ। ਮਿਲਦਾ ਪ੍ਰਕਾਸ਼ਤ ਸਬੂਤ ਸਝਾਉਂਦਾ ਹੈ ਕਿ ਦੰਦਾਂ ਦੇ ਨਿਕਲਣ ਕਾਰਨ ਬੁਖ਼ਾਰ ਨਹੀਂ ਹੁੰਦਾ ਜਾਂ ਸ਼ਾਇਦ ਇਸ ਨਾਲ ਬਹੁਤ ਹੀ ਹਲ਼ਕਾ ਬੁਖ਼ਾਰ ਹੋ ਸਕਦਾ ਹੈ। ਦੰਦਾਂ ਦੇ ਨਿਕਲਣ ਕਾਰਨ ਯਕੀਨੀ ਤੌਰ ਤੇ ਤੇਜ਼ ਬੁਖ਼ਾਰ ਨਹੀਂ ਹੁੰਦਾ। ਜੇ ਤੁਹਾਡੇ ਬੱਚੇ ਦੇ ਡਾਕਟਰ ਨੇ ਆਪਣੇ ਵਿਚਾਰ ਅਨੁਸਾਰ ਬੱਚੇ ਦੇ ਬੁਖ਼ਾਰ ਦਾ ਕਾਰਨ ਤੁਹਾਨੂੰ ਦੱਸਿਆ ਹੈ ਤਾਂ ਉਹ ਕਾਰਨ ਇਥੇ ਲਿਖ ਲਓ: ਜਦੋਂ ਤੁਹਾਡੇ ਬੱਚੇ ਨੂੰ ਬੁਖ਼ਾਰ ਹੋ ਜਾਵੇ ਤਾਂ ਤੁਸੀਂ ਕੀ ਆਸ ਕਰਦੇ ਹੋ ਬੁਖ਼ਾਰ ਬੱਚਿਆਂ ਨੂੰ ਬਹੁਤ ਬੇਆਰਾਮ ਕਰ ਦਿੰਦਾ ਹੈ। ਇਹ ਲੱਛਣ, ਆਮ ਕਰ ਕੇ, ਹਲ਼ਕੇ ਹੁੰਦੇ ਹਨ ਅਤੇ ਬੱਚਾ ਕੁਝ ਕੁ ਖਿਝਿਆ ਜਿਹਾ ਹੁੰਦਾ ਹੈ ਅਤੇ ਉਸ ਨੂੰ ਦਰਦਾਂ ਤੇ ਪੀੜਾਂ ਹੁੰਦੀਆਂ ਹਨ। ਕਿਉਂਕਿ ਸਰੀਰ ਦਾ ਤਾਪਮਾਨ ਬਦਲ ਰਿਹਾ ਹੁੰਦਾ ਹੈ ਇਸ ਲਈ ਕਈ ਵਾਰੀ ਬੁਖ਼ਾਰ ਦੇ ਨਾਲ ਕਾਂਬਾ (ਸਰਦੀ ਜਾਂ ਨਾ-ਸਹਿਣਯੋਗ ਬੇਹੱਦ ਕਾਂਬਾ) ਵੀ ਹੁੰਦਾ ਹੈ। ਇਸ ਕਿਸਮ ਦਾ ਕਾਂਬਾ ਸਰੀਰ ਲਈ ਤਾਪਮਾਨ ਨੂੰ ਨੇਮਤ ਕਰਨ ਦਾ ਹੀ ਇੱਕ ਤਰੀਕਾ ਹੁੰਦਾ ਹੈ। ਇਹ ਕੋਈ ਦੌਰਾ ਪੈਣ ਜਾਂ ਵੱਟ ਪੈਣਾ ਨਹੀਂ ਹੁੰਦਾ , ਅਤੇ ਨਾ ਹੀ ਇਸ ਦਾ ਸੰਬੰਧ ਬੱਚੇ ਦੀ ਚੇਤੰਨਤਾ ਦੀ ਪੱਧਰ ਵਿੱਚ ਤਬਦੀਲੀ ਨਾਲ ਹੁੰਦਾ ਹੈ। ੬ ਮਹੀਨੇ ਤੋਂ ਲੈ ਕੇ ੬ ਸਾਲ ਦੇ ਵਿਚਕਾਰ ਦੀ ਉਮਰ ਦੇ ਲੱਗਭਗ ੫% ਬੱਚਿਆਂ ਨੂੰ ਬੁਖ਼ਾਰ ਕਾਰਨ ਦੌਰਾ ਪੈਣ ਜਾਂ ਵੱਟ ਪੈਣ ਦੀਆਂ ਘਟਨਾਵਾਂ ਹੋ ਸਕਦੀਆਂ ਹਨ। ਇਨ੍ਹਾਂ ਨੂੰ ਬੁਖ਼ਾਰ ਨਾਲ ਸੰਬੰਧਤ ਗਸ਼ੀ ਜਾਂ ਬੁਖ਼ਾਰ ਨਾਲ ਸੰਬੰਧਤ ਵੱਟ ਪੈਣੇ (ਕਾਨਵੱਲਸ਼ਨ) ਕਿਹਾ ਜਾਂਦਾ ਹੈ। ਬੁਖ਼ਾਰ ਕਾਰਨ ਦੌਰਾ ਪੈ ਜਾਣ ਪਿਛੋਂ ਤੁਹਾਡੇ ਬੱਚੇ ਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ, ਬੁਖ਼ਾਰ ਕਾਰਨ ਪਏ ਦੌਰੇ ਆਮ ਕਰ ਕੇ ਖ਼ਤਰਨਾਕ ਨਹੀਂ ਹੁੰਦੇ।ਬੁਖ਼ਾਰ ਕਾਰਨ ਵਿਸੇਸ਼ ਕਿਸਮ ਦੇ ਪਏ ਦੌਰੇ ਨਾਲ ਦਿਮਾਗ਼ ਨੂੰ ਨੁਕਸਾਨ ਨਹੀਂ ਹੁੰਦਾ। ਬੁਖ਼ਾਰ ਕਿੰਨੀ ਕੁ ਵਾਰੀ ਮੁੜ ਮੁੜ ਕੇ ਹੁੰਦਾ ਹੈ ਅਤੇ ਬੁਖ਼ਾਰ ਕਿੰਨਾ ਸਮਾਂ ਰਹਿੰਦਾ ਹੈ ਇਨ੍ਹਾਂ ਗੱਲਾਂ ਦੀ ਨਿਰਭਰਤਾ ਬਹੁਤਾ ਕਰ ਕੇ ਉਸ ਲਾਗ 'ਤੇ ਹੁੰਦਾ ਹੈ ਜਿਸ ਕਾਰਨ ਬੁਖ਼ਾਰ ਹੋਇਆ ਹੋਵੇ। ਵਾਇਰਸ ਵਾਲੇ ਬਹੁਤੇ ਬੁਖ਼ਾਰ ੨ ਤੋਂ ੩ ਦਿਨ ਰਹਿੰਦੇ ਹਨ, ਕਈ ਵਾਰੀ ਉਹ 2 ਹਫ਼ਤਿਆਂ ਤੀਕ ਵੀ ਰਹਿੰਦੇ ਹਨ। ਜੇ ਬੁਖ਼ਾਰ ਜਰਾਸੀਮ ਦੀ ਲਾਗ ਕਾਰਨ ਹੋਇਆ ਹੋਵੇ, ਤਾਂ ਇਹ ਉਦੋਂ ਤੀਕ ਰਹਿ ਸਕਦਾ ਹੈ ਜਦੋਂ ਤੀਕ ਰੋਗਾਣੂਨਾਸ਼ਕ (ਐਂਟੀਬਾਇਟਿਕ) ਦਵਾਈ ਨਾਲ ਬੱਚੇ ਦਾ ਇਲਾਜ ਨਹੀਂ ਕੀਤਾ ਜਾਂਦਾ। ਬੁਖ਼ਾਰ ਵਾਲੇ ਆਪਣੇ ਬੱਚੇ ਦੀ ਸੰਭਾਲ ਕਰਨੀ ਕੱਪੜੇ ਆਪਣੇ ਬੱਚੇ ਨੂੰ ਹਲ਼ਕੇ ਕੱਪੜੇ ਪਹਿਣਾਅ ਕੇ ਰੱਖੋ। ਸਰੀਰ ਦੀ ਬਹੁਤੀ ਗਰਮੀ ਚਮੜੀ ਰਾਹੀਂ ਨਿਕਲ ਜਾਂਦੀ ਹੈ, ਇਸ ਲਈ ਆਪਣੇ ਬੱਚੇ ਨੂੰ ਬਹੁਤੇ ਕੱਪੜੇ ਪਹਿਣਨ ਜਾਂ ਉਨ੍ਹਾਂ ਨਾਲ ਲੱਦ ਦੇਣ ਦੇ ਨਤੀਜੇ ਦੇ ਤੌਰ ਤੇ ਵੀ ਤੇਜ਼ ਬੁਖ਼ਾਰ ਹੋ ਸਕਦਾ ਹੈ ਅਤੇ ਇਹ ਤੁਹਾਡੇ ਬੱਚੇ ਨੂੰ ਬੇਆਰਾਮ ਵੀ ਕਰ ਸਕਦੇ ਹਨ। ਜੇ ਤੁਹਾਡੇ ਬੱਚੇ ਨੂੰ ਸਰਦੀ ਦਾ ਕਾਂਬਾ ਲੱਗਦਾ ਹੋਵੇ, ਤਾਂ ਉਸ ਨੂੰ ਹਲ਼ਕਾ ਜਿਹਾ ਕੰਬਲ ਦਿਓ। ਜਦੋਂ ਤੁਸੀਂ ਹਲ਼ਕੇ ਕੱਪੜੇ ਪਾਏ ਹੋਣ, ਕਮਰੇ ਦਾ ਤਾਪਮਾਨ ਉਸ ਪੱਧਰ `ਤੇ ਰੱਖੋ ਜੋ ਤੁਹਾਡੇ ਲਈ ਆਰਾਮਦਾਇਕ ਹੋਵੇ। ਵੱਧ ਮਾਤਰਾ ਵਿੱਚ ਤਰਲ ਬੁਖ਼ਾਰ ਨਾਲ ਤੁਹਾਡੇ ਬੱਚੇ ਦੇ ਸਰੀਰ ਵਿੱਚੋਂ ਤਰਲ (ਪਦਾਰਥ) ਵੱਧ ਮਾਤਰਾ ਵਿੱਚ ਘਟਦੇ ਹਨ, ਇਸ ਲਈ ਆਪਣੇ ਬੱਚੇ ਨੂੰ ਵੱਧ ਮਾਤਰਾ ਵਿੱਚ ਤਰਲ ਪੀਣ ਲਈ ਉਤਸ਼ਾਹਤ ਕਰੋ। ਠੰਡਾ ਪਾਣੀ ਜਾਂ ਡ੍ਰਿੰਕ ਲਾਭਦਾਇਕ ਹੋ ਸਕਦੇ ਹਨ, ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਡ੍ਰਿੰਕ ਗਰਮ ਜਾਂ ਠੰਡਾ ਹੈ। ਸਪੰਜ ਕਰਨਾ ਆਮ ਤੌਰ ਤੇ ਸਰੀਰ ਦਾ ਤਾਪਮਾਨ ਘਟਾਉਣ ਲਈ ਸਪੰਜ ਕਰਨਾ ਜ਼ਰੂਰੀ ਨਹੀਂ ਹੁੰਦਾ, ਅਤੇ ਇਹ ਤੁਹਾਡੇ ਬੱਚੇ ਨੂੰ ਜ਼ਿਆਦਾ ਬੇਆਰਾਮ ਵੀ ਕਰ ਸਕਦਾ ਹੈ। ਸਰੀਰ ਦੇ ਅੰਦਰਲੇ ਤਾਪਮਾਨ ਉੱਤੇ ਅਸਲੀਅਤ ਵਿੱਚ ਅਸਰ ਪਾਏ ਬਗੈਰ, ਸਪੰਜ ਕਰਨਾ ਤੁਹਾਡੇ ਬੱਚੇ ਦੇ ਸਰੀਰ ਦੇ ਬਾਹਰਲੇ ਹਿੱਸੇ ਨੂੰ ਠੰਡਾ ਕਰ ਸਕਦਾ ਹੈ ਅਤੇ ਉਸ ਨੂੰ ਕਾਂਬਾ ਵੀ ਲਾ ਸਕਦਾ ਹੈ। ਸਪੰਜ ਦੀ ਵਰਤੋਂ ਕੇਵਲ ਹੇਠ ਦਰਜ ਸਥਿਤੀਆਂ ਵਿੱਚ ਹੀ ਕੀਤੀ ਜਾਵੇ: ਜੇ ਇਸ ਨਾਲ ਤੁਹਾਡੇ ਬੱਚੇ ਨੂੰ ਆਰਾਮ ਮਿਲਦਾ ਹੈ ਐਮਰਜੰਸੀ ਵਾਲੀਆਂ ਹਾਲਤਾਂ ਵਿੱਚ ਜਿਵੇਂ ਕਿ ਹੀਟ ਸਟਰੋਕ ਜਾਂ ੪੨°C (੧੦੮°F)ਤੋਂ ਵੱਧ ਬਹੁਤ ਤੇਜ਼ ਬੁਖ਼ਾਰ ਹੋਣ ਦੀ ਸੂਰਤ ਵਿੱਚ ਦਵਾਈ ਦਵਾਈ ਨਾਲ ਬੁਖ਼ਾਰ ਘਟਾਉਣ ਵਿੱਚ ਮਦਦ ਮਿਲਦੀ ਹੈ। ਦਵਾਈਆਂ ਨਾਲ ਬੁਖ਼ਾਰ ਨੂੰ ੧°C ਤੋਂ ਲੈ ਕੇ ੨°C (੨°F ਤੋਂ ਲੈ ਕੇ ੩°F) ਤੀਕ ਘਟਾਇਆ ਜਾ ਸਕਦਾ ਹੈ, ਅਤੇ ਇਹ ਤਾਪਮਾਨ ਨੂੰ ਸਾਧਾਰਨ ਦਰਜੇ `ਤੇ ਨਹੀਂ ਲਿਆ ਸਕਦੀਆਂ। ਬੁਖ਼ਾਰ ਆਪਣੇ ਆਪ ਵਿੱਚ ਘਟਦੇ ਵਧਦੇ ਰਹਿੰਦੇ ਹਨ, ਇਸ ਲਈ ਸਦਾ ਹੀ ਇਹ ਦੱਸਣਾ ਸੌਖਾ ਨਹੀਂ ਹੁੰਦਾ ਕਿ ਬੁਖ਼ਾਰ ਦਵਾਈ ਕਾਰਨ ਜਾਂ ਬੁਖ਼ਾਰ ਦੇ ਆਪਣੇ ਕੁਦਰਤੀ ਉਤਰਾਅ-ਚੜ੍ਹਾਅ ਕਾਰਨ ਹੀ ਘਟਿਆ ਹੈ। ਜੇ ਤੁਹਾਡਾ ਬੱਚਾ ਆਰਾਮ ਨਾਲ ਸੌਂ ਰਿਹਾ ਹੈ, ਜ਼ਰੂਰੀ ਨਹੀਂ ਹੁੰਦਾ ਕਿ ਬੱਚੇ ਨੂੰ ਜਗਾਅ ਕੇ ਇਹ ਦਵਾਈਆਂ ਦਿਓ। ਬੁਖ਼ਾਰ ਉੱਤੇ ਕਾਬੂ ਪਾਉਣ ਲਈ ਆਮ ਤੌਰ ਤੇ ਦੋ ਕਿਸਮ ਦੀਆਂ ਦਵਾਈਆਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਉਹ ਹੇਠ ਦਰਜ ਹਨ: ਅਸੈਟਾਮਿਨੋਫ਼ਿਨ ( ਟਾਇਲੋਨੌਲ, ਟੈਂਪਰਾ,ਐਬੇਨੌਲ, ਡਰੱਗ ਸਟੋਰ ਦੇ ਬਰੈਂਡ ਜਾਂ ਦੂਸਰੇ ਬਰੈਂਡ) ਆਈਬਿਊਪਰੋਫ਼ੈਨ (ਐਡਵਿੱਲ, ਮੌਟਰਿਨ,ਬਰੂਫ਼ਿਨ, ਡਰੱਗ ਸਟੋਰ ਦੇ ਬਰੈਂਡ ਜਾਂ ਦੂਸਰੇ ਬਰੈਂਡ) ਇਹ ਗੋਲੀਆਂ, ਕੈਪਸੂਲਾਂ, ਦੋਹਾਂ ਰੂਪਾਂ ਵਿੱਚ,ਅਤੇ ਵੱਖ ਵੱਖ ਤਾਕਤ ਵਾਲੀਆਂ ਤਰਲ ਫ਼ਾਰਮੂਲੇ ਅਨੁਸਾਰ ਉਪਲਬਧ ਹੁੰਦੀਆਂ ਹਨ। ਬੱਤੀ ਦੇ ਰੂਪ ਵਿੱਚ ਗੁਦੇ ਵਿੱਚ ਰੱਖ ਕੇ ਵਰਤਣ ਲਈ ਅਸੈਟਾਮਿਨੋਫ਼ਿਨ ਵੀ ਉਪਲਬਧ ਹੁੰਦੀ ਹੈ। ਤੁਹਾਡਾ ਡਾਕਟਰ ਜਾਂ ਦਵਾਫ਼ਰੋਸ਼ ਤੁਹਾਡੇ ਬੱਚੇ ਲਈ ਸਭ ਤੋਂ ਵਾਜਬ ਫ਼ਾਰਮੂਲੇ ਅਤੇ ਦਵਾਈ ਦੀ ਤਾਕਤ ਬਾਰੇ ਫ਼ੈਸਲਾ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਦਵਾਈ ਦੀ ਵਾਜਬ ਖ਼ੁਰਾਕ ਬੱਚੇ ਦੇ ਸਰੀਰਕ ਭਾਰ 'ਤੇ ਨਿਰਭਰ ਕਰਦੀ ਹੈ। ਦਵਾਈ ਵਾਲੇ ਪੈਕੇਜ 'ਤੇ ਅਨੁਮਾਣਤ ਖ਼ੁਰਾਕ ਦੀ ਡੋਜ਼ ਆਮ ਤੌਰ ਤੇ ਦੱਸੀ ਹੁੰਦੀ ਹੈ। ਇਹ ਦਵਾਈਆਂ ਬੁਖ਼ਾਰ ਉੱਤੇ ਕਾਬੂ ਪਾਉਣ ਵਿੱਚ ਮਦਦ ਕਰਨ ਲਈ ਅਤੇ ਤੁਹਾਡੇ ਬੱਚੇ ਨੂੰ ਵੱਧ ਆਰਾਮ ਦੇਣ ਲਈ ਵਰਤੀਆਂ ਜਾਂਦੀਆਂ ਹਨ,ਪਰ ਇਹ ਬੁਖ਼ਾਰ ਦੇ ਕਾਰਨ ਦਾ ਇਲਾਜ ਨਹੀਂ ਕਰਦੀਆਂ। ਜੇ ਤੁਹਾਡਾ ਬੇਬੀ ੩ ਮਹੀਨੇ ਤੋਂ ਘੱਟ ਉਮਰ ਦਾ ਹੈ, ਤਾਂ ਜਿੰਨੀ ਦੇਰ ਤੀਕ ਤੁਹਾਡਾ ਡਾਕਟਰ ਇਸ ਤਰ੍ਹਾਂ ਕਰਨ ਲਈ ਨਾ ਕਹੇ ਉਸ ਨੂੰ ਬੁਖ਼ਾਰ ਦੀ ਕੋਈ ਦਵਾਈ ਨਾ ਦਿਓ। ਅਸੀਟਾਮਿਨੋਫ਼ਿਨ ਜਾਂ ਆਈਬਿਊਪਰੋਫ਼ੈਨ ਇੱਕ ਦੂਸਰੀ ਵਿਰੁੱਧ ਉਲਟਾ ਅਸਰ ਨਹੀਂ ਕਰਦੀਆਂ। ਤਾਪਮਾਨ ਘਟਾਉਣ ਲਈ ਉਹ ਬਰਾਬਰ ਦਾ ਅਸਰ ਰੱਖਦੀਆਂ ਹਨ। ਵੱਖ ਵੱਖ ਸਮੇਂ ਇਹ ਲੱਗਦਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਦੇ ਮੁਕਾਬਲੇ ਦੂਸਰੀ ਵੱਧ ਕਾਰਗਰ ਹੋਵੇਗੀ, ਜਾਂ ਦੋਹਾਂ ਵਿੱਚੋਂ ਇੱਕ ਕਾਰਗਰ ਨਹੀਂ ਜਾਂ ਦੋਵੇਂ ਹੀ ਕਾਰਗਰ ਨਹੀਂ ਹੋਣਗੀਆਂ। ਜੇ ਤੁਹਾਡੇ ਬੱਚੇ ਵਿੱਚ ਪਹਿਲਾਂ ਤੋਂ ਹੀ ਕੋਈ ਡਾਕਟਰੀ ਸਮੱਸਿਆ ਮੌਜੂਦ ਹੋਵੇ ਜਾਂ ਉਹ ਪਹਿਲਾਂ ਹੀ ਦੂਜੀਆਂ ਦਵਾਈਆਂ ਲੈ ਰਿਹਾ ਹੋਵੇ, ਇਹ ਯਕੀਨੀ ਬਣਾਉਣ ਲਈ ਕਿ ਅਸੀਟਾਮਿਨੋਫ਼ਿਨ ਜਾਂ ਆਈਬਿਊਪਰੋਫ਼ੈਨ ਤੁਹਾਡੇ ਬੱਚੇ ਲਈ ਸੁਰੱਖਿਅਤ ਹੈ ਆਪਣੇ ਬੱਚੇ ਦੇ ਡਾਕਟਰ ਨਾਲ ਗੱਲ ਕਰੋ। ਆਪਣੇ ਬੱਚੇ ਦੇ ਬੁਖ਼ਾਰ ਦਾ ਇਲਾਜ ਕਰਨ ਲਈ ਏਐੱਸਏ (ਐਸਪਰੀਨ) ਨਾ ਵਰਤੋ ਭਾਵੇਂ ਇੰਜ ਬਹੁਤ ਹੀ ਘੱਟ ਹੁੰਦਾ ਹੈ, ਏਐੱਸਏ (ਅਸੀਟਲਸਾਲਾਸਾਲਕ ਐਸਿਡ ਜਾਂ ਐੱਸਪਰੀਨ ) ਰੇਜ਼ ਸਿੰਨਡਰੰਮ ਦੀ ਗੰਭੀਰ ਹਾਲਤ ਨਾਲ ਜੁੜ ਗਿਆ ਹੋਇਆ ਹੈ। ਜਿੰਨੀ ਦੇਰ ਤੀਕ ਤੁਹਾਡੇ ਡਾਕਟਰ ਨੇ ਖ਼ਾਸ ਤੌਰ ਤੇ ਇਹ ਦਵਾਈ ਦੇਣ ਲਈ ਨਾ ਕਿਹਾ ਹੋਵੇ, ਆਪਣੇ ਬੱਚੇ ਦੇ ਬੁਖ਼ਾਰ ਉੱਤੇ ਕਾਬੂ ਪਾਉਣ ਲਈ ਉਸ ਨੂੰ ਏਐੱਸਏ ਨਾ ਦਿਓ। ਤੁਹਾਨੂੰ ਦੂਸਰੀਆਂ ਦਵਾਈਆਂ ਦੇ ਲੇਬਲ ਪੜ੍ਹਣੇ ਚਾਹੀਦੇ ਹਨ ਜਾਂ ਇਹ ਯਕੀਨੀ ਬਣਾਉਣ ਲਈ ਕਿ ਦਵਾਈਆਂ ਵਿੱਚ ਏਐੱਸਏ ਮੌਜੂਦ ਨਹੀਂ ਬਾਰੇ ਤੁਸੀਂ ਆਪਣੇ ਦਵਾਈਫ਼ਰੋਸ਼ ਤੋਂ ਪੁੱਛੋ। ਸਰੋਤ : ਏ ਬੁਕਸ ਓਂਨਲਿਨ